ਪੰਜਾਬ 'ਚ ਭਾਰੀ ਮੀਂਹ ਤੇ ਤੂਫ਼ਾਨ ਦਾ ਅਲਰਟ! ਇਹਨਾਂ ਇਲਾਕਿਆਂ ਨੂੰ ਕੀਤਾ ਸੁਚੇਤ
Heavy rain and storm alert in Punjab! These areas have been alerted

ਪੰਜਾਬ 'ਚ ਭਾਰੀ ਮੀਂਹ ਤੇ ਤੂਫ਼ਾਨ ਦਾ ਅਲਰਟ! ਇਹਨਾਂ ਇਲਾਕਿਆਂ ਨੂੰ ਕੀਤਾ ਸੁਚੇਤ
ਚੰਡੀਗੜ੍ਹ, 5 ਮਈ
ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਇਸ ਸਮੇਂ ਭਾਰੀ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਇਸ ਸਬੰਧੀ ਅਲਰਟ ਜਾਰੀ ਕਰ ਦਿੱਤਾ ਹੈ। ਤੇਜ਼ ਹਵਾਵਾਂ ਦੀ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ। ਕੱਲ੍ਹ ਰਾਤ ਵੀ ਪੰਜਾਬ ਅਤੇ ਹਰਿਆਣਾ ਵਿੱਚ ਮੋਹਲੇਧਾਰ ਮੀਂਹ ਪਿਆ ਤੇ ਗੜੇਮਾਰੀ ਹੋਈ। ਮੌਸਮ ’ਚ ਬਦਲਾਅ ਕਾਰਨ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ। ਮੰਡੀਆਂ ਵਿਚ ਪਈ ਕਣਕ ਦੀ ਫ਼ਸਲ ਭਿੱਜ ਗਈ ਹੈ। ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਬਠਿੰਡਾ ਅਤੇ ਜਲੰਧਰ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੇ ਨਾਲ-ਨਾਲ ਗੜੇਮਾਰੀ ਵੀ ਹੋਈ ਹੈ। ਇਸ ਤੋਂ ਇਲਾਵਾ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਪਟਿਆਲਾ, ਫਤਹਿਗੜ੍ਹ ਸਾਹਿਬ ਤੇ ਰੋਪੜ ਇਲਾਕੇ ਵਿਚ ਵੀ ਮੀਂਹ ਪਿਆ ਹੈ। ਅੱਜ ਵੀ ਇਥੇ ਭਾਰੀ ਬਾਰਿਸ਼ ਹੋਵੇਗੀ। ਉਧਰ, ਮੌਸਮ ਵਿਭਾਗ ਨੇ ਪੰਜਾਬ ਵਿਚ ਪੂਰਾ ਹਫ਼ਤਾ ਮੌਸਮ ਖ਼ਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਅਗਲੇ 4-5 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਅਤੇ ਮੀਂਹ ਵੀ ਪੈ ਸਕਦਾ ਹੈ। ਦੱਸ ਦਈਏ ਕਿ ਮਈ ਦੀ ਸ਼ੁਰੂਆਤ ਤੋਂ ਹੀ ਦੇਸ਼ ਦੀ ਮੌਸਮੀ ਗਤੀਵਿਧੀਆਂ ਵਿਚ ਬਦਲਾਅ ਆਇਆ ਹੈ। ਦੇਸ਼ ਦੀ ਰਾਜਧਾਨੀ ਸਮੇਤ ਉੱਤਰੀ ਭਾਰਤ ਅਪ੍ਰੈਲ ਦੇ ਮਹੀਨੇ ਵਿੱਚ ਭਿਆਨਕ ਗਰਮੀ ਨਾਲ ਜੂਝ ਰਿਹਾ ਸੀ। ਪਾਰਾ 43 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਸੀ। ਪਰ, ਮਈ ਦੀ ਸ਼ੁਰੂਆਤ ਜਾਂ ਅਪ੍ਰੈਲ ਦੇ ਆਖਰੀ ਦਿਨ ਤੋਂ ਮੌਸਮ ਬਦਲ ਗਿਆ ਹੈ। ਇਸ ਕਾਰਨ ਪੂਰੇ ਦੇਸ਼ ਦਾ ਮੌਸਮ ਸੁਹਾਵਣਾ ਹੋ ਗਿਆ ਹੈ। ਵੱਧ ਤੋਂ ਵੱਧ ਤਾਪਮਾਨ ਵੀ 7 ਤੋਂ 8 ਡਿਗਰੀ ਸੈਲਸੀਅਸ ਘਟ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 4 ਘੰਟਿਆਂ ਵਿਚ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਕਈ ਸ਼ਹਿਰਾਂ ਵਿਚ ਗਰਜ ਅਤੇ ਮੀਂਹ ਦੇ ਨਾਲ ਬਿਜਲੀ ਡਿੱਗਣ ਦੀ ਭਵਿੱਖਬਾਣੀ ਕੀਤੀ ਹੈ। ਇਨ੍ਹਾਂ ਸ਼ਹਿਰਾਂ ਵਿਚ ਹਰਿਆਣਾ ਦੇ ਰਾਜੌਂਦ, ਅਸੰਧ, ਸਫੀਦੋਂ, ਜੀਂਦ, ਪਾਣੀਪਤ, ਗੋਹਾਨਾ, ਤੋਸ਼ਾਮ ਸ਼ਾਮਲ ਹਨ, ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ, ਬਿਜਨੌਰ, ਬੜੌਤ, ਬਾਗਪਤ, ਖੇਖੜਾ ਵਿੱਚ ਵੀ ਬਿਜਲੀ ਡਿੱਗਣ ਅਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 4 ਘੰਟਿਆਂ ਵਿੱਚ ਦਿੱਲੀ ਦੇ ਕੁਝ ਸਥਾਨਾਂ ਜਿਵੇਂ ਕਿ ਨਰੇਲਾ, ਬਵਾਨਾ, ਅਲੀਪੁਰ, ਕਾਂਝਵਾਲਾ, ਰੋਹਿਣੀ, ਮੁੰਡਕਾ ਅਤੇ ਐਨਸੀਆਰ ਦੇ ਫਰੀਦਾਬਾਦ, ਬੱਲਭਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਨਰਵਾਣਾ, ਕਰਨਾਲ, ਬਰਵਾਲਾ, ਹਿਸਾਰ, ਗਨੌਰ, ਹਾਂਸੀ, ਮਹਿਮ, ਸੋਨੀਪਤ, ਰੋਹਤਕ, ਖਰਖੌਦਾ, ਪਲਵਲ, ਔਰੰਗਾਬਾਦ ਅਤੇ ਗੰਗੋਹ, ਨਜੀਬਾਬਾਦ, ਸ਼ਾਮਲੀ, ਮੋਦੀਨਗਰ, ਮੋਦੀਨਗਰ, ਮੇਜਾਨਗਰ, ਚੰਦਰਪੁਰ, ਮੇਹਮਪੁਰ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਉੱਤਰ-ਪੱਛਮੀ ਭਾਰਤੀ ਰਾਜਾਂ ਵਿਚ ਮੀਂਹ ਦੇ ਨਾਲ-ਨਾਲ ਗਰਜ-ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਥੋੜ੍ਹੇ-ਥੋੜ੍ਹੇ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ 10 ਤਰੀਕ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਧੂੜ ਭਰੀ ਹਨੇਰੀ ਆਉਣ ਦੀ ਸੰਭਾਵਨਾ ਹੈ।
What's Your Reaction?






